ਪਿੰਡ ਪੱਤੋ ਹੀਰਾ ਸਿੰਘ ਵਿਖੇ ਵਿਲੱਖਣ ‘ਗੁਰੂ ਗ੍ਰੰਥ ਸਾਹਿਬ ਬਾਗ’ ਦੀ ਸਥਾਪਨਾ

ਈਕੋ ਸਿੱਖ ਅਤੇ ਪੈਟਲਸ ਸੰਸਥਾ ਦੇ ਸਾਂਝੇ ਉੱਦਮ ਸਦਕਾ 5 ਏਕੜ ਰਕਬੇ ਵਿੱਚ ਗੁਰਬਾਣੀ ਦੇ ਆਧਾਰ ਉੱਤੇ 58 ਕਿਸਮਾਂ ਦੇ ਪੌਦਿਆਂ ਨਾਲ ਵਿਕਸਤ ਹੋਵੇਗਾ ਜੰਗਲ

ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਵਧ ਚੜ ਕੇ ਹਿੱਸਾ ਪਾਉਣ ਦਾ ਭਰੋਸਾ

ਪੱਤੋ ਹੀਰਾ ਸਿੰਘ/ਮੋਗਾ (ਹੈੱਪੀ ਢੰਡ) ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਵਿੱਚ ਦਰਸਾਏ ਕੁਦਰਤ ਨਾਲ ਜੁੜਨ ਦੇ ਸੰਦੇਸ਼ ਨੂੰ ਉਜਾਗਰ ਕਰਨ ਦੇ ਮਕਸਦ ਨਾਲ ਈਕੋਸਿੱਖ ਸੰਸਥਾ ਵੱਲੋਂ ਪੈਟਲਸ ਸੰਸਥਾ ਦੇ ਸਹਿਯੋਗ ਨਾਲ ਇਤਿਹਾਸਕ ਪਿੰਡ ਪੱਤੋ ਹੀਰਾ ਸਿੰਘ ਵਿਖੇ ਇੱਕ ਵਿਲੱਖਣ ਬਾਗ ਦੀ ਸਿਰਜਣਾ ਕੀਤੀ ਗਈ ਹੈ।

ਜਿਸ ਵਿੱਚ 58 ਉਨਾਂ ਪੌਦਿਆਂ, ਝਾੜੀਆਂ, ਫਸਲਾਂ ਨੂੰ ਲਗਾਇਆ ਗਿਆ ਹੈ। ਜਿਨਾਂ ਦਾ ਜ਼ਿਕਰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਬਾਗ ਦਾ ਅੱਜ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਸ੍ਰ. ਚਰਨ ਸਿੰਘ ਮੁੰਬਈ, ਸੰਤ ਗੁਰਮੀਤ ਸਿੰਘ ਖੋਸਾ ਪਾਂਡੋ ਦੀ ਹਾਜ਼ਰੀ ਵਿੱਚ ਪੰਜ ਪਿਆਰੇ ਸਾਹਿਬਾਨ ਨੇ ਕੀਤਾ।

ਸਥਾਨਕ ਚਾਰ ਪਾਤਸ਼ਾਹੀਆਂ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਇਸ ਗੱਲ ਉੱਤੇ ਖੁਸ਼ੀ ਜ਼ਾਹਿਰ ਕੀਤੀ ਕਿ ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਉਣ ਲਈ ਕਈ ਸਿਰਕੱਢ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੀਆਂ ਹਨ।

ਉਨਾਂ ਭਰੋਸਾ ਦਿੱਤਾ ਕਿ ਅਜਿਹੇ ਕਾਰਜਾਂ ਵਿੱਚ ਜ਼ਿਲਾ ਪ੍ਰਸਾਸ਼ਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਸ੍ਰੀ ਹੰਸ ਨੇ ਦੱਸਿਆ ਕਿ ਨੀਤੀ ਆਯੋਗ ਵੱਲੋਂ ਦੇਸ਼ ਦੇ 112 ਜ਼ਿਲਿਆਂ ਵਿੱਚ 100 ਕਰੋੜ ਪੌਦੇ ਲਗਾਉਣ ਦਾ ਟੀਚਾ ਹੈ ਜਿਨਾਂ ਵਿੱਚ ਜ਼ਿਲਾ ਮੋਗਾ ਵੀ ਇੱਕ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਦਿਸ਼ਾ ਵਿੱਚ ਪੌਦੇ ਲਗਾਉਣ ਦਾ ਕੰਮ ਇਸ ਮੌਨਸੂਨ ਸੀਜ਼ਨ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਭਾਵੇਂਕਿ ਟੀਚਾ ਵੱਡਾ ਹੈ ਪਰ ਪੂਰਾ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਜਿਸ ਵਿੱਚ ਲਗਾਤਾਰ ਸਫਲਤਾ ਵੀ ਮਿਲ ਰਹੀ ਹੈ।

ਸ੍ਰੀ ਹੰਸ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਤੋਂ ਰੋਕਣ ਲਈ ਪਰਾਲੀ ਦੇ ਪ੍ਰਬੰਧਨ ਲਈ ਬੇਲਰ ਖਰੀਦੇ ਜਾ ਰਹੇ ਹਨ ਜਿਹੜੇ ਉਨਾਂ ਪਿੰਡਾਂ ਵਿਚ ਵੰਡੇ ਜਾਣਗੇ, ਜਿਹੜੇ ਪਿੰਡਾਂ ਵਿੱਚ ਅੱਗ ਲੱਗਣ ਦੀਆਂ ਜਿਆਦਾ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਇਸ ਮੌਕੇ ਈਕੋਸਿੱਖ ਅਤੇ ਪੈਟਲਸ ਵੱਲੋਂ ਐਲਾਨ ਕੀਤਾ ਕਿ ਜਲਦ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਪਿੰਡ ਦੀਨਾ ਸਾਹਿਬ ਵਿਖੇ ਹੀ ਇਸ ਕਿਸਮ ਦਾ ਜੰਗਲ ਲਗਾਇਆ ਜਾਵੇਗਾ।

ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਬਾਗ ਸੰਸਾਰ ਭਰੇ ਦੇ ਵਾਤਾਵਰਨ ਪ੍ਰੇਮੀਆਂ ਲਈ ਇੱਕ ਅਜਿਹੀ ਦਿਲਖਿਚਵੀਂ ਥਾਂ ਹੋਵੇਗੀ ਜਿੱਥੇ ਸਿੱਖੀ ਵਿਚਲੇ ਵਾਤਾਵਰਣ ਦੇ ਸਿਧਾਂਤ ਨਾਲ ਹਰ ਵਰਗ, ਉਮਰ ਦੇ ਲੋਕ ਰੂਬਰੂ ਹੋਣਗੇ। ਵਾਤਾਵਰਣ ਸੰਕਟ ਨਾਲ ਜੂਝ ਰਹੇ ਪੰਜਾਬ ਅਤੇ ਵਿਸ਼ਵ ਲਈ ਇਹ ਬਾਗ ਪ੍ਰੇਰਣਾ ਅਤੇ ਹੌਂਸਲਾ ਦੇਣ ਦਾ ਕੰਮ ਕਰੇਗਾ। ਇਸ ਪਵਿੱਤਰ ਧਰਤੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸ੍ਰੀ ਗੁਰੂ ਹਰਰਾਇ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰ. ਗੁਰਮੇਲ ਸਿੰਘ ਸੰਗਤਪੁਰਾ, ਸਹਾਇਕ ਕਮਿਸ਼ਨਰ (ਜ) ਸ੍ਰ. ਗੁਰਬੀਰ ਸਿੰਘ ਕੋਹਲੀ, ਪ੍ਰਸਿੱਧ ਗਾਇਕ ਬੀਰ ਸਿੰਘ, ਕਵੀ ਜਸਵੰਤ ਸਿੰਘ ਜਫ਼ਰ, ਸ਼ੂਬੇਂਦੂ ਸ਼ਰਮਾ, ਬਾਬਾ ਗੁਰਜੀਤ ਸਿੰਘ ਨਾਨਕਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ. ਗੁਰਮੀਤ ਸਿੰਘ, ਸ੍ਰ. ਸਰਬਜੀਤ ਸਿੰਘ ਰੇਣੂਕਾ, ਡਾ. ਬਲਵਿੰਦਰ ਸਿੰਘ ਬਰਾੜ, ਸ੍ਰੀਮਤੀ ਸੁਪਰੀਤ ਕੌਰ, ਡਾ. ਬਲਵਿੰਦਰ ਸਿੰਘ ਲੱਖੇਵਾਲੀ, ਸ੍ਰ. ਰਵਨੀਤ ਸਿੰਘ, ਬੀਬੀ ਗੁਰਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਵਾਤਾਵਰਣ ਪ੍ਰੇਮੀ ਅਤੇ ਆਮ ਲੋਕ ਹਾਜ਼ਰ ਸਨ।

रिपोर्टर : हैप्पी ढंड

LEAVE A REPLY

Please enter your comment!
Please enter your name here